1 Kings 1

1ਦਾਊਦ ਪਾਤਸ਼ਾਹ ਦੀ ਉਮਰ ਜਿਆਦਾ ਹੋ ਜਾਣ ਦੇ ਕਾਰਨ, ਉਸ ਨੂੰ ਜਿਆਦਾ ਕੱਪੜੇ ਪਹਿਨਾਉਣ ਤੇ ਵੀ ਉਹ ਗਰਮ ਨਹੀਂ ਹੁੰਦਾ ਸੀ । 2ਇਸ ਲਈ ਉਸ ਦੇ ਸੇਵਕਾਂ ਨੇ ਉਸ ਨੂੰ ਆਖਿਆ ਕਿ ਮੇਰੇ ਸੁਆਮੀ ਪਾਤਸ਼ਾਹ ਲਈ ਇੱਕ ਮੁਟਿਆਰ ਕੁੜੀ ਲੱਭੀ ਜਾਵੇ, ਜੋ ਪਾਤਸ਼ਾਹ ਦੇ ਸਨਮੁਖ ਖੜ੍ਹੀ ਰਿਹਾ ਕਰੇ, ਉਸ ਦੀ ਸੇਵਾ ਕਰਿਆ ਕਰੇ ਅਤੇ ਤੇਰੀ ਹਿੱਕ ਨਾਲ ਲੱਗ ਕੇ ਲੇਟਿਆ ਕਰੇ, ਤਾਂ ਜੋ ਮੇਰਾ ਮਾਲਕ ਪਾਤਸ਼ਾਹ ਗਰਮ ਹੋਵੇ ।

3ਉਹ ਇਸਰਾਏਲ ਦੀਆਂ ਸਾਰੀਆਂ ਹੱਦਾਂ ਵਿੱਚ ਇੱਕ ਸੋਹਣੀ ਮੁਟਿਆਰ ਲੱਭਣ ਲੱਗੇ, ਤਾਂ ਉਨ੍ਹਾਂ ਨੂੰ ਸ਼ੂਨੰਮੀ ਅਬੀਸ਼ਗ ਲੱਭੀ ਅਤੇ ਉਹ ਨੂੰ ਪਾਤਸ਼ਾਹ ਦੇ ਕੋਲ ਲੈ ਆਏ । 4ਉਹ ਮੁਟਿਆਰ ਬਹੁਤ ਸੋਹਣੀ ਸੀ । ਉਹ ਪਾਤਸ਼ਾਹ ਦੀ ਸੇਵਾਦਾਰਨੀ ਹੋਈ ਅਤੇ ਉਸ ਦੀ ਖ਼ਬਰ ਰੱਖਦੀ ਸੀ, ਪਰ ਪਾਤਸ਼ਾਹ ਨੇ ਉਸ ਨਾਲ ਸੰਬੰਧ ਨਾ ਬਣਾਇਆ ।

5ਤਦ ਹਗੀਥ ਦੇ ਪੁੱਤਰ ਅਦੋਨੀਯਾਹ ਨੇ ਆਪਣੇ ਆਪ ਨੂੰ ਉੱਚਾ ਕੀਤਾ ਅਤੇ ਆਖਿਆ, “ਮੈਂ ਪਾਤਸ਼ਾਹ ਬਣਾਗਾਂ” ਅਤੇ ਉਹ ਨੇ ਆਪਣੇ ਲਈ ਰੱਥ, ਘੋੜ ਚੜ੍ਹੇ ਅਤੇ ਪੰਜਾਹ ਮਨੁੱਖ ਆਪਣੇ ਅੱਗੇ-ਅੱਗੇ ਦੌੜਨ ਲਈ ਤਿਆਰ ਕੀਤੇ । 6ਉਹ ਦੇ ਪਿਤਾ ਨੇ ਇਹ ਆਖ ਕੇ ਉਹ ਨੂੰ ਕਦੀ ਨਾ ਉਦਾਸ ਕੀਤਾ ਕਿ ਤੂੰ ਇਸ ਤਰ੍ਹਾਂ ਕਿਉਂ ਕੀਤਾ, ਉਹ ਵੀ ਬਹੁਤ ਸੁੰਦਰ ਸੀ ਅਤੇ ਉਹ ਅਬਸ਼ਾਲੋਮ ਦੇ ਬਾਅਦ ਜੰਮਿਆ ਸੀ ।

7ਉਹ ਸਰੂਯਾਹ ਦੇ ਪੁੱਤਰ ਯੋਆਬ ਅਤੇ ਅਬਯਾਥਾਰ ਜਾਜਕ ਨਾਲ ਗੱਲਾਂ ਕਰਦਾ ਸੀ ਅਤੇ ਇਹ ਅਦੀਨੋਯਾਹ ਦੇ ਪਿੱਛੇ ਲੱਗ ਕੇ ਉਹ ਦੀ ਸਹਾਇਤਾ ਕਰਦੇ ਸਨ । 8ਪਰ ਸਾਦੋਕ ਜਾਜਕ ਅਤੇ ਯਹੋਯਾਦਾ ਦਾ ਪੁੱਤਰ ਬਨਾਯਾਹ, ਨਾਥਾਨ ਨਬੀ, ਸ਼ਿਮਾਈ, ਰੇਈ ਅਤੇ ਦਾਊਦ ਦੇ ਸੂਰਬੀਰ ਅਦੋਨੀਯਾਹ ਦੇ ਨਾਲ ਨਹੀਂ ਸਨ ।

9ਅਦੋਨੀਯਾਹ ਨੇ ਭੇਡਾਂ, ਬਲ਼ਦ ਅਤੇ ਮੋਟੇ-ਮੋਟੇ ਪਸ਼ੂ ਜ਼ੋਹਲਥ ਪੱਥਰ ਉੱਤੇ ਜੋ ਐਨ-ਰੋਗੇਲ ਦੇ ਕੋਲ ਹੈ ਵੱਢੇ ਅਤੇ ਆਪਣੇ ਸਾਰੇ ਭਰਾ ਅਰਥਾਤ ਪਾਤਸ਼ਾਹ ਦੇ ਪੁੱਤਰ ਅਤੇ ਯਹੂਦਾਹ ਦੇ ਸਭ ਮਨੁੱਖ, ਜਿਹੜੇ ਪਾਤਸ਼ਾਹ ਦੇ ਸੇਵਕ ਸਨ ਸੱਦੇ । 10ਪਰ ਨਾਥਾਨ ਨਬੀ, ਬਨਾਯਾਹ, ਸੂਰ ਬੀਰ ਅਤੇ ਆਪਣੇ ਭਰਾ ਸੁਲੇਮਾਨ ਨੂੰ ਨਾ ਸੱਦਿਆ ।

11ਨਾਥਾਨ ਨੇ ਸੁਲੇਮਾਨ ਦੀ ਮਾਤਾ ਬਥ-ਸ਼ਬਾ ਨੂੰ ਆਖਿਆ, ਕੀ ਤੁਸੀਂ ਨਹੀਂ ਸੁਣਿਆ ਕਿ ਹਗੀਥ ਦਾ ਪੁੱਤਰ ਅਦੋਨੀਯਾਹ ਰਾਜ ਕਰਦਾ ਹੈ ਅਤੇ ਸਾਡੇ ਮਾਲਕ ਦਾਊਦ ਨੂੰ ਉਸ ਦੀ ਖ਼ਬਰ ਵੀ ਨਹੀਂ ਹੈ ? 12ਹੁਣ ਤੁਸੀਂ ਆਓ ਮੈਂ ਤੁਹਾਨੂੰ ਸਲਾਹ ਦੇਵਾਂ ਕਿ ਤੁਸੀਂ ਆਪਣੀ ਅਤੇ ਆਪਣੇ ਪੁੱਤਰ ਸੁਲੇਮਾਨ ਦੀ ਜਾਨ ਬਚਾ ਸਕੋ ।

13ਤੁਸੀਂ ਜਾਓ ਅਤੇ ਦਾਊਦ ਪਾਤਸ਼ਾਹ ਕੋਲ ਅੰਦਰ ਜਾ ਕੇ ਉਹ ਨੂੰ ਆਖੋ, ਹੇ ਮੇਰੇ ਮਾਲਕ ਪਾਤਸ਼ਾਹ, ਕੀ ਤੂੰ ਆਪਣੀ ਦਾਸੀ ਨਾਲ ਸਹੁੰ ਖਾ ਕੇ ਨਹੀਂ ਆਖਿਆ ਸੀ ਕਿ ਸੱਚ-ਮੁੱਚ ਤੇਰਾ ਪੁੱਤਰ ਸੁਲੇਮਾਨ ਮੇਰੇ ਪਿੱਛੋਂ ਰਾਜ ਕਰੇਗਾ ਅਤੇ ਉਹੋ ਹੀ ਮੇਰੀ ਰਾਜ ਗੱਦੀ ਉੱਤੇ ਬੈਠੇਗਾ ? ਫੇਰ ਅਦੋਨੀਯਾਹ ਕਿਉਂ ਰਾਜ ਕਰਦਾ ਹੈ ? 14ਵੇਖੋ ਤੁਹਾਡੇ ਪਾਤਸ਼ਾਹ ਨਾਲ ਗੱਲ ਕਰਨ ਦੇ ਸਮੇਂ ਮੈਂ ਵੀ ਤੁਹਾਡੇ ਮਗਰ ਅੰਦਰ ਆਵਾਂਗਾ ਅਤੇ ਤੁਹਾਡੀਆਂ ਗੱਲਾਂ ਦੇ ਬਾਰੇ ਗੱਲ ਕਰਾਂਗਾ ।

15ਇਸ ਲਈ ਬਥ-ਸ਼ਬਾ ਕੋਠੜੀ ਦੇ ਅੰਦਰ ਪਾਤਸ਼ਾਹ ਕੋਲ ਗਈ । ਪਾਤਸ਼ਾਹ ਬਹੁਤ ਬੁੱਢਾ ਸੀ ਅਤੇ ਸ਼ੂਨੰਮੀ ਅਬੀਸ਼ਗ ਪਾਤਸ਼ਾਹ ਦੀ ਸੇਵਾ ਕਰ ਰਹੀ ਸੀ । 16ਬਥ-ਸ਼ਬਾ ਝੁਕੀ ਅਤੇ ਪਾਤਸ਼ਾਹ ਨੂੰ ਮੱਥਾ ਟੇਕਿਆ, ਤਾਂ ਪਾਤਸ਼ਾਹ ਨੇ ਆਖਿਆ, ਤੂੰ ਕੀ ਮੰਗਦੀ ਹੈਂ ? 17ਉਸ ਨੇ ਆਖਿਆ, ਮੇਰੇ ਮਾਲਕ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਪਣੀ ਦਾਸੀ ਨਾਲ ਸਹੁੰ ਖਾਧੀ ਸੀ, ਕਿ ਮੇਰੇ ਪਿੱਛੋਂ ਤੇਰਾ ਪੁੱਤਰ ਸੁਲੇਮਾਨ ਪਾਤਸ਼ਾਹ ਬਣੇਗਾ ਅਤੇ ਉਹੋ ਮੇਰੀ ਰਾਜ ਗੱਦੀ ਉੱਤੇ ਬੈਠੇਗਾ ।

18ਹੁਣ ਵੇਖ, ਅਦੋਨੀਯਾਹ ਰਾਜ ਕਰਦਾ ਹੈ ਅਤੇ ਹੁਣ ਤੱਕ ਹੇ ਮੇਰੇ ਮਾਲਕ ਪਾਤਸ਼ਾਹ ਤੈਨੂੰ ਇਸ ਦੀ ਕੁਝ ਖ਼ਬਰ ਨਹੀਂ ਹੈ । 19ਉਸ ਨੇ ਢੇਰ ਸਾਰੇ ਬਲ਼ਦ, ਮੋਟੇ-ਮੋਟੇ ਪਸ਼ੂ ਅਤੇ ਭੇਡਾਂ ਵੱਢੀਆਂ ਹਨ ਅਤੇ ਪਾਤਸ਼ਾਹ ਦੇ ਸਾਰੇ ਪੁੱਤਰਾਂ, ਅਬਯਾਥਾਰ ਜਾਜਕ ਅਤੇ ਸੈਨਾਪਤੀ ਯੋਆਬ ਨੂੰ ਤਾਂ ਸੱਦਿਆ ਹੈ, ਪਰ ਤੇਰੇ ਦਾਸ ਸੁਲੇਮਾਨ ਨੂੰ ਉਸ ਨੇ ਨਹੀਂ ਸੱਦਿਆ ।

20ਹੁਣ ਹੇ ਮੇਰੇ ਮਾਲਕ ਪਾਤਸ਼ਾਹ, ਸਾਰੇ ਇਸਰਾਏਲ ਦੀਆਂ ਅੱਖਾਂ ਤੇਰੇ ਉੱਤੇ ਹਨ ਕਿ ਤੂੰ ਉਨ੍ਹਾਂ ਨੂੰ ਦੱਸੇਂ, ਕਿ ਮੇਰੇ ਮਾਲਕ ਪਾਤਸ਼ਾਹ ਦੀ ਰਾਜ ਗੱਦੀ ਉੱਤੇ ਤੇਰੇ ਪਿੱਛੋਂ ਕੌਣ ਬੈਠੇਗਾ । 21ਨਹੀਂ ਤਾਂ ਇਸ ਤਰ੍ਹਾਂ ਹੋਵੇਗਾ ਕਿ ਜਦ ਮੇਰਾ ਮਾਲਕ ਪਾਤਸ਼ਾਹ ਆਪਣੇ ਪਿਉ-ਦਾਦਿਆਂ ਨਾਲ ਵਿਸਰਾਮ ਕਰੇਗਾ, ਤਾਂ ਮੈਂ ਅਤੇ ਮੇਰਾ ਪੁੱਤਰ ਸੁਲੇਮਾਨ ਪਾਪੀ ਠਹਿਰਾਂਗੇ ।

22ਉਹ ਅਜੇ ਪਾਤਸ਼ਾਹ ਨਾਲ ਗੱਲਾਂ ਕਰਦੀ ਹੀ ਸੀ, ਕਿ ਨਾਥਾਨ ਨਬੀ ਵੀ ਅੰਦਰ ਆ ਗਿਆ । 23ਉਨ੍ਹਾਂ ਨੇ ਪਾਤਸ਼ਾਹ ਨੂੰ ਦੱਸਿਆ ਕਿ ਵੇਖੋ ਨਾਥਾਨ ਨਬੀ ਆ ਗਿਆ ਹੈ, ਉਹ ਪਾਤਸ਼ਾਹ ਦੇ ਸਨਮੁਖ ਹੋਇਆ, ਤਾਂ ਉਸ ਨੇ ਪਾਤਸ਼ਾਹ ਨੂੰ ਧਰਤੀ ਤੱਕ ਮੂੰਹ ਪਰਨੇ ਹੋ ਕੇ ਮੱਥਾ ਟੇਕਿਆ ।

24ਫਿਰ ਨਾਥਾਨ ਨੇ ਆਖਿਆ, ਹੇ ਮੇਰੇ ਮਾਲਕ ਪਾਤਸ਼ਾਹ, ਕੀ ਤੁਸੀਂ ਆਖਿਆ ਹੈ ਕਿ ਮੇਰੇ ਪਿੱਛੋਂ ਅਦੋਨੀਯਾਹ ਰਾਜ ਕਰੇਗਾ ਅਤੇ ਮੇਰੀ ਰਾਜ ਗੱਦੀ ਉੱਤੇ ਬੈਠੇਗਾ ? 25ਉਹ ਤਾਂ ਅੱਜ ਦੇ ਦਿਨ ਹਠਾੜ ਨੂੰ ਗਿਆ ਹੈ ਅਤੇ ਢੇਰ ਸਾਰੇ ਬਲ਼ਦ, ਮੋਟੇ ਮੋਟੇ ਪਸ਼ੂ ਅਤੇ ਭੇਡਾਂ ਵੱਢੀਆਂ ਹਨ । ਪਾਤਸ਼ਾਹ ਦੇ ਸਾਰੇ ਪੁੱਤਰਾਂ, ਸੈਨਾਪਤੀਆਂ ਅਤੇ ਅਬਯਾਥਾਰ ਜਾਜਕ ਨੂੰ ਸੱਦਿਆ, ਵੇਖੋ ਉਹ ਉਹਦੇ ਸਨਮੁਖ ਖਾਂਦੇ-ਪੀਂਦੇ ਹਨ ਅਤੇ ਆਖਦੇ ਹਨ, ਪਾਤਸ਼ਾਹ ਅਦੋਨੀਯਾਹ ਜਿਉਂਦਾ ਰਹੇ ।

26ਪਰ ਤੁਹਾਡੇ ਦਾਸ ਨੂੰ ਅਰਥਾਤ ਮੈਨੂੰ, ਸਾਦੋਕ ਜਾਜਕ, ਯਹੋਯਾਦਾ ਦੇ ਪੁੱਤਰ ਬਨਾਯਾਹ ਅਤੇ ਤੁਹਾਡੇ ਦਾਸ ਸੁਲੇਮਾਨ ਨੂੰ ਨਹੀਂ ਸੱਦਿਆ । 27ਕੀ ਇਹ ਮੇਰੇ ਮਾਲਕ ਪਾਤਸ਼ਾਹ ਵੱਲੋਂ ਹੋਇਆ ਹੈ ਅਤੇ ਤੁਸੀਂ ਆਪਣੇ ਦਾਸ ਨੂੰ ਖ਼ਬਰ ਵੀ ਨਾ ਕੀਤੀ ਕਿ ਮੇਰੇ ਮਾਲਕ ਪਾਤਸ਼ਾਹ ਦੇ ਪਿੱਛੋਂ ਉਹ ਦੀ ਰਾਜ ਗੱਦੀ ਉੱਤੇ ਕੌਣ ਬੈਠੇਗਾ ?

28ਦਾਊਦ ਪਾਤਸ਼ਾਹ ਨੇ ਉੱਤਰ ਦਿੱਤਾ ਕਿ ਬਥ-ਸ਼ਬਾ ਨੂੰ ਮੇਰੇ ਕੋਲ ਸੱਦੋ, ਉਹ ਪਾਤਸ਼ਾਹ ਦੇ ਸਨਮੁਖ ਅੰਦਰ ਆਈ ਅਤੇ ਪਾਤਸ਼ਾਹ ਦੇ ਸਨਮੁਖ ਖੜ੍ਹੀ ਰਹੀ । 29ਪਾਤਸ਼ਾਹ ਨੇ ਸਹੁੰ ਖਾ ਕੇ ਆਖਿਆ, ਜਿਉਂਦੇ ਯਹੋਵਾਹ ਦੀ ਸਹੁੰ ਜਿਸ ਮੇਰੇ ਪ੍ਰਾਣਾਂ ਨੂੰ ਸਾਰਿਆਂ ਦੁੱਖਾਂ ਤੋਂ ਛੁਡਾਇਆ । 30ਜਿਵੇਂ ਮੈਂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਸਹੁੰ ਖਾ ਕੇ ਤੈਨੂੰ ਆਖਿਆ ਸੀ ਕਿ ਸੱਚ-ਮੁੱਚ ਤੇਰਾ ਪੁੱਤਰ ਸੁਲੇਮਾਨ ਮੇਰੇ ਪਿੱਛੋਂ ਪਾਤਸ਼ਾਹ ਬਣੇਗਾ ਅਤੇ ਮੇਰੇ ਥਾਂ ਰਾਜ ਗੱਦੀ ਉੱਤੇ ਉਹੋ ਹੀ ਬੈਠੇਗਾ, ਮੈਂ ਅੱਜ ਦੇ ਦਿਨ ਉਸੇ ਤਰ੍ਹਾਂ ਹੀ ਕਰਾਂਗਾ । 31ਤਦ ਬਥ-ਸ਼ਬਾ ਧਰਤੀ ਉੱਤੇ ਮੂੰਹ ਪਰਨੇ ਡਿੱਗੀ ਅਤੇ ਪਾਤਸ਼ਾਹ ਦੇ ਅੱਗੇ ਮੱਥਾ ਟੇਕ ਕੇ ਆਖਿਆ, ਮੇਰਾ ਮਾਲਕ ਪਾਤਸ਼ਾਹ ਦਾਊਦ ਸਦਾ ਤੱਕ ਜਿਉਂਦਾ ਰਹੇ ।

32ਅੱਗੋਂ ਦਾਊਦ ਪਾਤਸ਼ਾਹ ਨੇ ਆਖਿਆ ਕਿ ਸਾਦੋਕ ਜਾਜਕ, ਨਾਥਾਨ ਨਬੀ ਅਤੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਮੇਰੇ ਕੋਲ ਸੱਦੋ, ਤਾਂ ਉਹ ਪਾਤਸ਼ਾਹ ਦੇ ਸਨਮੁਖ ਆਏ । 33ਪਾਤਸ਼ਾਹ ਨੇ ਉਨ੍ਹਾਂ ਨੂੰ ਆਖਿਆ, ਆਪਣੇ ਮਾਲਕ ਦੇ ਸੇਵਕਾਂ ਨੂੰ ਆਪਣੇ ਨਾਲ ਲਓ, ਮੇਰੇ ਪੁੱਤਰ ਸੁਲੇਮਾਨ ਨੂੰ ਮੇਰੀ ਖੱਚਰ ਉੱਤੇ ਚੜ੍ਹਾਓ ਅਤੇ ਉਸ ਨੂੰ ਗੀਹੋਨ ਕੋਲ ਲੈ ਜਾਓ । 34ਉੱਥੇ ਸਾਦੋਕ ਜਾਜਕ ਅਤੇ ਨਾਥਾਨ ਨਬੀ ਉਸ ਨੂੰ ਮਸਹ ਕਰਕੇ ਇਸਰਾਏਲ ਦਾ ਪਾਤਸ਼ਾਹ ਬਣਾਉਣ ਅਤੇ ਤੁਸੀਂ ਤੁਰ੍ਹੀ ਵਜਾ ਕੇ ਆਖੋ ਸੁਲੇਮਾਨ ਪਾਤਸ਼ਾਹ ਜਿਉਂਦਾ ਰਹੇ ।

35ਫੇਰ ਤੁਸੀਂ ਉਹ ਦੇ ਪਿੱਛੇ-ਪਿੱਛੇ ਹੋ ਕੇ ਉਤਾਂਹਾ ਚੱਲੇ ਆਓ, ਤਾਂ ਜੋ ਉਹ ਆਵੇ ਅਤੇ ਮੇਰੀ ਰਾਜ ਗੱਦੀ ਉੱਤੇ ਬੈਠ ਜਾਵੇ, ਕਿਉਂ ਜੋ ਉਹ ਮੇਰੇ ਥਾਂ ਪਾਤਸ਼ਾਹ ਬਣੇਗਾ ਕਿਉਂਕਿ ਮੈਂ ਉਸ ਨੂੰ ਠਹਿਰਾ ਦਿੱਤਾ ਹੈ ਕਿ ਇਸਰਾਏਲ ਅਤੇ ਯਹੂਦਾਹ ਉੱਤੇ ਰਾਜਾ ਹੋਵੇ । 36ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਪਾਤਸ਼ਾਹ ਨੂੰ ਉੱਤਰ ਦੇ ਕੇ ਆਖਿਆ, ਸਤ ਬਚਨ ਯਹੋਵਾਹ ਮੇਰੇ ਮਾਲਕ ਪਾਤਸ਼ਾਹ ਦਾ ਪਰਮੇਸ਼ੁਰ ਇਸੇ ਤਰ੍ਹਾਂ ਹੀ ਆਖੇ । 37ਜਿਵੇਂ ਯਹੋਵਾਹ ਮੇਰੇ ਮਾਲਕ ਪਾਤਸ਼ਾਹ ਦੇ ਨਾਲ ਸੀ, ਉਸੇ ਤਰ੍ਹਾਂ ਹੀ ਸੁਲੇਮਾਨ ਦੇ ਨਾਲ ਹੋਵੇ ਅਤੇ ਉਹ ਦੀ ਰਾਜ ਗੱਦੀ ਨੂੰ ਮੇਰੇ ਮਾਲਕ ਪਾਤਸ਼ਾਹ ਦਾਊਦ ਦੀ ਰਾਜ ਗੱਦੀ ਨਾਲੋਂ ਵਧਾਵੇ ।

38ਸਾਦੋਕ ਜਾਜਕ, ਨਾਥਾਨ ਨਬੀ, ਯਹੋਯਾਦਾ ਦਾ ਪੁੱਤਰ ਬਨਾਯਾਹ, ਕਰੇਤੀ ਅਤੇ ਪਲੋਤੀ ਹਠਾੜ ਨੂੰ ਗਏ ਅਤੇ ਸੁਲੇਮਾਨ ਨੂੰ ਦਾਊਦ ਪਾਤਸ਼ਾਹ ਦੀ ਖੱਚਰ ਉੱਤੇ ਚੜ੍ਹਾ ਕੇ ਗੀਹੋਨ ਕੋਲ ਲੈ ਆਏ । 39ਤਦ ਸਾਦੋਕ ਜਾਜਕ ਨੇ ਤੰਬੂ ਵਿੱਚੋਂ ਇੱਕ ਤੇਲ ਦਾ ਸਿੰਙ ਲਿਆ ਅਤੇ ਸੁਲੇਮਾਨ ਨੂੰ ਮਸਹ ਕੀਤਾ, ਤਦ ਉਨ੍ਹਾਂ ਤੁਰ੍ਹੀ ਵਜਾਈ ਅਤੇ ਸਭ ਦੇ ਸਭ ਬੋਲ ਉੱਠੇ, ਸੁਲੇਮਾਨ ਪਾਤਸ਼ਾਹ ਜੀਉਂਦਾ ਰਹੇ । 40ਸਭ ਲੋਕ ਉਸ ਦੇ ਮਗਰ ਉਤਾਹਾਂ ਆਏ ਅਤੇ ਲੋਕ ਵੰਝਲੀਆਂ ਵਜਾਉਂਦੇ ਹੋਏ ਵੱਡਾ ਅਨੰਦ ਕਰਦੇ ਤੁਰੇ ਜਾਂਦੇ ਸਨ, ਅਜਿਹਾ ਜੋ ਧਰਤੀ ਉਨ੍ਹਾਂ ਦੀ ਅਵਾਜ਼ ਨਾਲ ਹਿੱਲ ਗਈ ।

41ਅਦੋਨੀਯਾਹ ਅਤੇ ਉਸ ਦੇ ਨਾਲ ਦੇ ਸਾਰੇ ਮਹਿਮਾਨਾਂ ਨੇ ਜਦ ਉਹ ਰੋਟੀ ਖਾ ਕੇ ਹਟੇ ਹੀ ਸਨ, ਤਾਂ ਇਹ ਅਵਾਜ਼ ਸੁਣੀ ਅਤੇ ਜਦ ਯੋਆਬ ਨੇ ਤੁਰ੍ਹੀ ਦੀ ਅਵਾਜ਼ ਸੁਣੀ ਤਾਂ ਉਸ ਆਖਿਆ, ਸ਼ਹਿਰ ਵਿੱਚ ਇਹ ਰੋਲੇ ਦੀ ਅਵਾਜ਼ ਕਿਉਂ ਹੈ ? 42ਉਹ ਅਜੇ ਇਹ ਬੋਲਦਾ ਹੀ ਸੀ, ਤਾਂ ਵੇਖੋ ਅਬਯਾਥਾਰ ਜਾਜਕ ਦਾ ਪੁੱਤਰ ਯੋਨਾਥਾਨ ਆਇਆ ਅਤੇ ਅਦੋਨੀਯਾਹ ਨੇ ਉਸ ਨੂੰ ਆਖਿਆ ਅੰਦਰ ਆ ਜਾ ਕਿਉਂ ਜੋ ਤੂੰ ਸੂਰਮਾ ਮਨੁੱਖ ਹੈ ਅਤੇ ਚੰਗੀ ਖ਼ਬਰ ਲਿਆਇਆ ਹੋਵੇਂਗਾ ।

43ਯੋਨਾਥਾਨ ਨੇ ਉੱਤਰ ਦਿੱਤਾ ਅਤੇ ਅਦੋਨੀਯਾਹ ਨੂੰ ਆਖਿਆ, ਸੱਚ-ਮੁੱਚ ਸਾਡੇ ਮਾਲਕ ਪਾਤਸ਼ਾਹ ਦਾਊਦ ਨੇ ਸੁਲੇਮਾਨ ਨੂੰ ਪਾਤਸ਼ਾਹ ਬਣਾ ਦਿੱਤਾ ਹੈ । 44ਪਾਤਸ਼ਾਹ ਨੇ ਸਾਦੋਕ ਜਾਜਕ, ਨਾਥਾਨ ਨਬੀ, ਯਹੋਯਾਦਾ ਦੇ ਪੁੱਤਰ ਬਨਾਯਾਹ, ਕਰੇਤੀ ਅਤੇ ਪਲੇਤੀ ਉਹ ਦੇ ਨਾਲ ਭੇਜੇ । ਉਨ੍ਹਾਂ ਨੇ ਪਾਤਸ਼ਾਹ ਦੀ ਖੱਚਰ ਉੱਤੇ ਉਸ ਨੂੰ ਚੜ੍ਹਾਇਆ । 45ਸਾਦੋਕ ਜਾਜਕ ਅਤੇ ਨਾਥਾਨ ਨਬੀ ਨੇ ਗੀਹੋਨ ਵਿੱਚ ਉਹ ਨੂੰ ਪਾਤਸ਼ਾਹ ਹੋਣ ਲਈ ਮਸਹ ਕੀਤਾ, ਤਾਂ ਉਹ ਉਥੋਂ ਅਜਿਹਾ ਅਨੰਦ ਕਰਦੇ ਮੁੜੇ ਸਨ ਜੋ ਸ਼ਹਿਰ ਗੱਜ ਉੱਠਿਆ ਹੈ । ਉਹੋ ਗੱਜ ਦੀ ਅਵਾਜ਼ ਤੁਸੀਂ ਸੁਣੀ ।

46ਸੁਲੇਮਾਨ ਰਾਜ ਗੱਦੀ ਉੱਤੇ ਬੈਠ ਗਿਆ ਹੈ । 47ਪਾਤਸ਼ਾਹ ਦੇ ਸੇਵਕ ਆ ਕੇ ਸਾਡੇ ਮਾਲਕ ਪਾਤਸ਼ਾਹ ਦਾਊਦ ਨੂੰ ਵਧਾਈਆਂ ਦੇ ਰਹੇ ਹਨ, ਕਿ ਤੁਹਾਡਾ ਪਰਮੇਸ਼ੁਰ ਸੁਲੇਮਾਨ ਦੇ ਨਾਮ ਨੂੰ ਤੁਹਾਡੇ ਨਾਮ ਨਾਲੋਂ ਵੱਡਾ ਕਰੇ ਅਤੇ ਉਹ ਦੀ ਰਾਜ ਗੱਦੀ ਨੂੰ ਤੁਹਾਡੀ ਰਾਜ ਗੱਦੀ ਨਾਲੋਂ ਵਧਾਵੇ, ਤਾਂ ਪਾਤਸ਼ਾਹ ਨੇ ਆਪਣੇ ਆਪ ਨੂੰ ਮੰਜੇ ਉੱਤੇ ਨੀਵਿਆ ਕੀਤਾ । 48ਪਾਤਸ਼ਾਹ ਨੇ ਵੀ ਇਸ ਤਰ੍ਹਾਂ ਆਖਿਆ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਮੁਬਾਰਕ ਹੈ, ਜਿਸ ਨੇ ਅੱਜ ਦੇ ਦਿਨ ਇੱਕ ਪੁੱਤਰ ਦਿੱਤਾ ਜਿਹੜਾ ਮੇਰੀਆਂ ਅੱਖਾਂ ਦੇ ਵੇਖਦਿਆਂ ਮੇਰੀ ਰਾਜ ਗੱਦੀ ਉੱਤੇ ਬੈਠਾ ਹੈ ।

49ਸਾਰੇ ਮਹਿਮਾਨ ਜਿਹੜੇ ਅਦੋਨੀਯਾਹ ਦੇ ਨਾਲ ਸਨ, ਘਬਰਾ ਕੇ ਉੱਠ ਖੜ੍ਹੇ ਹੋਏ ਅਤੇ ਹਰ ਮਨੁੱਖ ਆਪਣੇ ਆਪਣੇ ਰਾਹ ਤੁਰ ਗਿਆ । 50ਇਸ ਤੋਂ ਬਾਅਦ ਅਦੋਨੀਯਾਹ ਸੁਲੇਮਾਨ ਦੇ ਅੱਗੋਂ ਡਰ ਕੇ ਉੱਠਿਆ ਅਤੇ ਜਗਵੇਦੀ ਦੇ ਸਿੰਙਾਂ ਨੂੰ ਘੁੱਟ ਕੇ ਜਾ ਫੜਿਆ । 51ਸੁਲੇਮਾਨ ਨੂੰ ਦੱਸਿਆ ਗਿਆ ਕਿ ਵੇਖੋ ਅਦੋਨੀਯਾਹ ਸੁਲੇਮਾਨ ਪਾਤਸ਼ਾਹ ਕੋਲੋਂ ਡਰਦਾ ਹੈ ਅਤੇ ਉਸ ਨੇ ਜਗਵੇਦੀ ਦੇ ਸਿੰਙ ਜਾ ਫੜੇ ਹਨ ਅਤੇ ਆਖਦਾ ਹੈ ਕਿ ਸੁਲੇਮਾਨ ਅੱਜ ਦੇ ਦਿਨ ਮੇਰੇ ਨਾਲ ਸਹੁੰ ਖਾਵੇ ਕਿ ਉਹ ਆਪਣੇ ਦਾਸ ਨੂੰ ਤਲਵਾਰ ਨਾਲ ਨਾ ਮਾਰੇਗਾ ।

52ਸੁਲੇਮਾਨ ਨੇ ਆਖਿਆ, ਜੇ ਉਹ ਆਪਣੇ ਆਪ ਨੂੰ ਭਲਾ ਮਨੁੱਖ ਬਣਾ ਕੇ ਵਿਖਾਵੇ, ਤਾਂ ਉਸ ਦਾ ਇੱਕ ਵਾਲ ਵੀ ਧਰਤੀ ਉੱਤੇ ਨਾ ਡਿੱਗੇਗਾ ਪਰ ਜੇ ਕਦੀ ਉਸ ਵਿੱਚ ਕੋਈ ਬੁਰਿਆਈ ਪਾਈ ਗਈ ਤਾਂ ਉਹ ਮਾਰ ਦਿੱਤਾ ਜਾਵੇਗਾ । ਸੁਲੇਮਾਨ ਪਾਤਸ਼ਾਹ ਨੇ ਲੋਕ ਭੇਜੇ ਅਤੇ ਉਹ ਉਸ ਨੂੰ ਜਗਵੇਦੀ ਤੋਂ ਹੇਠਾਂ ਲਾਹ ਲਿਆਏ । ਉਸ ਨੇ ਆ ਕੇ ਸੁਲੇਮਾਨ ਪਾਤਸ਼ਾਹ ਨੂੰ ਮੱਥਾ ਟੇਕਿਆ ਅਤੇ ਸੁਲੇਮਾਨ ਨੇ ਉਸ ਨੂੰ ਆਖਿਆ, ਤੂੰ ਆਪਣੇ ਘਰ ਨੂੰ ਜਾ ।

53

Copyright information for PanULB